ਚੰਡੀਗੜ੍ਹ: ਲੋਕ ਸਭਾ ਚੋਣਾਂ 2024 (Lok Sabha Election 2024) ਦੇ ਮੱਦੇਨਜ਼ਰ ਲਗਾਏ ਗਏ ਆਦਰਸ਼ ਚੋਣ ਜ਼ਾਬਤੇ ਦੌਰਾਨ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ (ਕਰ), ਪੰਜਾਬ ਵਿਕਾਸ ਪ੍ਰਤਾਪ ਅਤੇ ਆਬਕਾਰੀ ਅਤੇ ਕਰ ਕਮਿਸ਼ਨਰ, ਪੰਜਾਬ ਵਰੁਣ ਰੂਜ਼ਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਰਾਬ ਦੀ ਤਸਕਰੀ ਅਤੇ ਨਾਜਾਇਜ਼ ਸ਼ਰਾਬ ਬਣਾਉਣ ਸਬੰਧੀ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਆਬਕਾਰੀ ਵਿਭਾਗ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਚੌਣ ਜ਼ਾਬਤੇ ਦੌਰਾਨ ਆਬਕਾਰੀ ਵਿਭਾਗ ਦੀ ਵਿਆਪਕ ਯੋਜਨਾ ਦੇ ਨਤੀਜੇ ਵਜੋਂ ਲਗਭਗ 1058 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 937 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ, 16965 ਲੀਟਰ ਨਾਜਾਇਜ਼ ਸ਼ਰਾਬ ਫੜੀ ਗਈ ਹੈ, 2756729 ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕੀਤਾ ਗਿਆ ਅਤੇ ਪੀ.ਐੱਮ.ਐੱਲ./ਆਈ.ਐੱਮ.ਐੱਫ.ਐੱਲ./ਬੀਅਰ ਦੀਆਂ 108180 ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ।
ਅਧਿਕਾਰੀਆਂ ਦੀਆਂ ਟੀਮਾਂ ਨੇ ਸ਼ਰਾਬ ਦੀ ਤਸਕਰੀ, ਈਐਨਏ ਦੀ ਤਸਕਰੀ ਅਤੇ ਆਬਕਾਰੀ ਨਾਲ ਸਬੰਧਤ ਹੋਰ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਇਨ੍ਹਾਂ ਕੇਸਾਂ ਦੇ ਸਾਰੇ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਆਬਕਾਰੀ ਵਿਭਾਗ ਨੇ ਸ਼ਰਾਬ ਦੀ ਗੈਰ-ਕਾਨੂੰਨੀ ਤਸਕਰੀ ’ਚ ਸ਼ਾਮਲ ਲਾਇਸੰਸਧਾਰਕਾਂ ’ਤੇ ਵੀ ਨਕੇਲ ਕਸੀ ਗਈ ਹੈ, ਜਿਸ ਦੌਰਾਨ ਉਨ੍ਹਾਂ ਦੇ ਠੇਕਿਆਂ ਨੂੰ ਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁੱਢਲੀ ਜਾਂਚ ਦੇ ਆਧਾਰ ‘ਤੇ ਪੰਜਾਬ ਆਬਕਾਰੀ ਐਕਟ 1914 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਲਕਾਂ/ਸਰਗਰਮ ਭਾਈਵਾਲਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਆਬਕਾਰੀ ਨਾਲ ਸਬੰਧਤ ਅਪਰਾਧਾਂ ਵਿਰੁੱਧ ਜੰਗ ਦੌਰਾਨ, ਸ਼ਰਾਬ ਦੀਆਂ ਭੱਠੀਆਂ, ਬਰੂਅਰੀਜ਼ ਅਤੇ ਬੋਟਲਿੰਗ ਪਲਾਂਟਾਂ ਵਰਗੀਆਂ ਨਿਰਮਾਣ ਇਕਾਈਆਂ ’ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਕਿਸਮ ਦੀ ਉਲੰਘਣਾ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਗਿਆ ਹੈ।