
Punjab Rain Alert- ਪੰਜਾਬ ਵਿਚ ਅਗਲੇ ਤਿੰਨ ਦਿਨ ਭਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅੱਜ ਮੌਸਮ ਇਕਦਮ ਬਦਲੇਗਾ ਤੇ ਅਗਲੇ ਦਿਨ ਤਾਪਮਾਨ ਵਿਚ ਭਾਰੀ ਗਿਰਾਵਟ ਆ ਸਕਦੀ ਹੈ। ਸੂਬੇ ਦੇ ਕੁਝ ਜ਼ਿਲ੍ਹਿਆਂ ਵਿਚ ਅਲਰਟ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਆਖਿਆ ਗਿਆ ਹੈ।
ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਰੈੱਡ ਅਲਰਟ ਐਲਾਨਿਆ ਗਿਆ ਹੈ, ਜਿਨ੍ਹਾਂ ਵਿਚ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ ਸ਼ਾਮਲ ਹਨ। ਇਸ ਤੋਂ ਇਲਾਵਾ 21 ਜੁਲਾਈ ਨੂੰ ਰੂਪਨਗਰ, ਮੋਹਾਲੀ, ਨਵਾਂਸ਼ਹਿਰ, ਲੁਧਿਆਣਾ, ਪਟਿਆਲਾ, ਮਾਨਸਾ, ਫਤਿਹਗੜ੍ਹ ਸਾਹਿਬ, ਮੋਗਾ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਸਾਰੇ ਜ਼ਿਲ੍ਹਿਆਂ ਨੂੰ ਯੈਲੋ ਅਲਰਟ ਦੇ ਦਾਇਰੇ ਵਿੱਚ ਰੱਖਿਆ ਗਿਆ ਹੈ।
ਮੌਸਮ ਵਿਭਾਗ ਦੇ ਅਨੁਸਾਰ 21 ਜੁਲਾਈ ਤੋਂ ਮੌਸਮ ਫਿਰ ਬਦਲੇਗਾ। ਇਸ ਦਿਨ ਫਿਰ ਤੋਂ ਗਰਜ-ਤੂਫ਼ਾਨ ਦੇ ਨਾਲ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 21 ਤੋਂ 23 ਜੁਲਾਈ ਤੱਕ ਲਗਾਤਾਰ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਹੈ।
ਉਧਰ, ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿੱਚ ਮਾਨਸੂਨ ਪੂਰੇ ਜ਼ੋਰਾਂ ਉਤੇ ਹੈ। ਕੱਲ੍ਹ ਤੋਂ ਦਿੱਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਸੜਕਾਂ ‘ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ। ਕਈ ਥਾਵਾਂ ‘ਤੇ ਟ੍ਰੈਫਿਕ ਜਾਮ ਸੀ।
ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਸ਼ਹਿਰ ਲਈ ‘ਪੀਲਾ ਅਲਰਟ’ ਜਾਰੀ ਕੀਤਾ ਹੈ। ਦਿੱਲੀ, ਨੋਇਡਾ ਅਤੇ ਗੁਰੂਗ੍ਰਾਮ ਵਿੱਚ ਸਵੇਰ ਤੋਂ ਹੀ ਬੱਦਲਵਾਈ ਸੀ, ਜਿਸ ਨਾਲ ਦੁਪਹਿਰ ਤੋਂ ਮੀਂਹ ਪੈਣਾ ਸ਼ੁਰੂ ਹੋ ਗਿਆ। ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਈ, ਜਦੋਂ ਕਿ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ।
ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 23.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਸਵੇਰੇ 8.30 ਵਜੇ ਨਮੀ 80 ਪ੍ਰਤੀਸ਼ਤ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਸਵੇਰੇ 9 ਵਜੇ ਦੇ ਬੁਲੇਟਿਨ ਦੇ ਅਨੁਸਾਰ, ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕਾਂਕ (AQI) 61 ਸੀ, ਜੋ ਕਿ ‘ਤਸੱਲੀਬਖਸ਼’ ਸ਼੍ਰੇਣੀ ਵਿੱਚ ਆਉਂਦਾ ਹੈ।